ਸੂਰਬੀਰਾਂ ਦੀ ਧਰਤੀ `ਤੇ ਸਾਢੇ 64 ਲੱਖ਼ ਅਨਪੜਾਂ ਦੀ ਫ਼ੌਜ

Yaar Punjabi

Prime VIP
ਸੂਰਬੀਰਾਂ ਦੀ ਧਰਤੀ `ਤੇ ਸਾਢੇ 64 ਲੱਖ਼ ਅਨਪੜਾਂ ਦੀ ਫ਼ੌਜ-ਮਾਨਸਾ ਤੇ ਮੁਕਤਸਰ ਦੀ ਹਾਲਤ ਅਤਿ ਤਰਸਯੋਗ
(ਬਾਦਲ ਸਾਬ ਗੱਪ ਤਾਂ ਥੋੜਾ ਜ਼ੰਮੀਰ 'ਤੇ ਭਾਰ ਮਾਰ ਕੇ ਮਾਰਿਆ ਕਰੋ। ''ਪੰਜਾਬ ਜੋ ਸਾਖ਼ਰਤਾ ਪੱਖ਼ੋ ਤੀਜੇ ਨੰਬਰ 'ਤੇ ਹੈ, ਹੁਣ ਪਹਿਲੇ ਨੰਬਰ 'ਤੇ ਲਿਆਂਦਾ ਜਾਵੇਗਾ'' ਪ੍ਰਕਾਸ਼ ਸਿੰਘ ਬਾਦਲ ਨੇ ਬਠਿੰਡਾ ਨੇੜੇ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਰਖਾਨੇ ਦੇ ਉਦਘਾਟਨ ਮੌਕੇ ਕਿਹਾ ਸੀ। ਪਰ ਅਸਲੀਅਤ ਕੀ ਹੈ?)
punjab-1.jpg
ਪੰਜਾਬੀਆਂ ਲਈ ਹੁਣ ਵਿੱਦਿਆ ਵਿਚਾਰੀ ਬਣਦੀ ਜਾ ਰਹੀ ਹੈ। ਪਿਛਲੇ ਇੱਕ ਦਹਾਕੇ ਦੀ ਤੁਲਨਾ ਵਿੱਚ ਸਾਖ਼ਰਤਾ ਪੱਖੋਂ ਪੰਜਾਬ ਬੁਰੀ ਤਰਾਂ ਹੇਠਾ ਲੁਟਕ ਗਿਆ ਹੈ। ਭਾਰਤ ਦੇ ਦੂਜੇ ਸੂਬਿਆਂ ਦੇ ਮੁਕਾਬਲੇ ਇਸ ਦਾ ਰੈਂਕ 15 ਤੋਂ 21 ਤੱਕ ਸਾਲਿੱਪ ਕਰ ਗਿਆ। ਇਹ ਕਈ ਗੁਆਂਢੀ ਸੂਬਿਆਂ ਤੋਂ ਵੀ ਇਸ ਪੱਖੋ ਬੁਰੀ ਤਰਾਂ ਮਾਤ ਖਾ ਗਿਆ ਹੈ। ਸੂਰਬੀਰਾਂ ਦੀ ਇਸ ਧਰਤੀ 'ਤੇ 64 ਲੱਖ਼ 55 ਹਜ਼ਾਰ 87 ਅਨਪੜ ਲੋਕਾਂ ਦੀ ਫ਼ੌਜ ਹੈ। ਸੂਬੇ ਦੀਆਂ 37 ਲੱਖ਼ 50 ਹਜ਼ਾਰ 9 ਸੌ 22 ਜਨਾਨੀਆਂ ਲਈ ਕਾਲਾ ਅੱਖ਼ਰ ਮੱਝ ਬਰਾਬਰ ਹੈ। ਦੇਸ਼ ਦੇ ਅਨਾਜ਼ ਨਾਲ ਭੰਡਾਰ ਭਰਨ ਵਾਲੇ ਪੰਜਾਬੀ ਦਿਮਾਗ ਪੱਖੋ ਖਾਲੀ ਹੋਏ ਨਜ਼ਰ ਆਉਂਦੇ ਹਨ। ਸੂਬੇ ਦੀ 2 ਕਰੌੜ 77 ਲੱਖ਼ 42 ਹਜ਼ਾਰ 36 ਲੋਕਾਂ ਵਿੱਚੋਂ ਲੱਖ਼ਾਂ ਦੀ ਗਿਣਤੀ ਵਿੱਚ ਪੇਂਡੂ ਤੇ ਸ਼ਹਿਰੀਆਂ ਦਾ ਅਨਪੜ ਰਹੇ ਜਾਣਾ ਪੰਜਾਬ ਦੇ ਵਿਕਾਸ ਗ੍ਰਾਫ਼ਾਂ ਲਈ ਵੱਡੀ ਚਣੌਤੀ ਹੈ।

ਵੱਖ਼-ਵੱਖ਼ ਅਧਿਕਾਰਤ ਅੰਕੜਿਆਂ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਪੰਜਾਬ ਦਾ ਸਾਖ਼ਰਤਾ ਰੇਟ 76.69 ਪ੍ਰਤੀਸ਼ਤ ਹੈ, ਜਦੋਂ ਕੇਰਲਾ ਦਾ 94 ਪ੍ਰਤੀਸ਼ਤ ਦੇ ਨੇੜੇ, ਲਕਸ਼ਦੀਪ ਦਾ 93.28, ਤ੍ਰਿਪੁਰਾ ਦਾ 87.75 ਪ੍ਰਤੀਸ਼ਤ ਹੈ। ਪੰਜਾਬ ਤੋਂ ਬਾਜ਼ੀ ਮਾਰ ਰਹੇ 12 ਹੋਰ ਸੂਬਿਆਂ ਜਾਂ ਕੇਂਦਰੀ ਪ੍ਰਸ਼ਾਸਤ ਰਾਜਾਂ ਦਾ ਸਾਖ਼ਰਤਾ ਰੇਟ 80 ਪ੍ਰਤੀਸ਼ਤ ਤੋਂ ਜਿਆਦਾ ਹੈ। ਗੁਆਂਢੀ ਰਾਜਾਂ ਦੀ ਤੁਲਨਾ ਵਿੱਚ ਪੰਜਾਬ ਹਰਿਆਣਾ ਦੇ ਤਕਰੀਬਨ ਬਰਾਬਰ, ਰਾਜਸਥਾਨ, ਜੰਮੂ-ਕਸ਼ਮੀਰ ਤੋਂ ਅੱਗੇ ਜਦੋਂ ਕਿ ਹਿਮਾਚਲ ਤੇ ਚੰਡੀਗੜ ਤੋਂ ਬੁਰੀ ਤਰਾ ਰਗੜਾ ਲਗਵਾ ਚੁੱਕਿਆ ਹੈ।

ਅਨਪੜਤਾ ਵਿੱਚੋਂ ਸਭ ਤੋਂ ਵੱਧ ਤਰਸਯੋਗ ਹਾਲਤ ਨੰਨੀ ਛਾਂ ਦੇ ਹਲਕੇ ਮਾਨਸਾ ਤੇ ਵੀ. ਆਈ. ਪੀ.ਜਿਲਾ/ਹਲਕਾ ਜਿਸ ਵਿੱਚ ਸੂਬਾ ਹਕੂਮਤ ਸਭ ਤੋਂ ਵੱਧ ਫੰਡ ਮੁਹੱਇਆ ਕਰਵਾਉਂਦੀ ਹੈ, ਮੁਕਤਸਰ ਹੈ। ਜਿਲਾ ਮਾਨਸਾ ਵਿੱਚ ਸੂਬੇ ਵਿੱਚੋਂ ਸਭ ਤੋਂ ਜਿਆਦਾ 37.2 ਪ੍ਰਤੀਸ਼ਤ ਲੋਕ ਅਨਪੜ ਹਨ, ਇਸ ਜਿਲੇ ਦੀ ਕੁੱਲ 7 ਲੱਖ਼ 68 ਹਜ਼ਾਰ 808 ਵਿੱਚੋਂ 2 ਲੱਖ਼ 85 ਹਜ਼ਾਰ 996 ਲੋਕ ਅੰਗੂਠਾ ਛਾਪ ਹਨ। ਮੁੱਖ਼ ਮੰਤਰੀ ਦੇ ਆਪਣੇ ਜਿਲੇ ਅਤੇ ਅਤਿ ਮਹੱਤਵਪੂਰਨ ਹਲਕੇ ਇਤਿਹਾਸਕ ਧਰਤੀ ਸ੍ਰੀ ਮੁਕਤਸਰ ਸਾਹਿਬ ਵੀ ਸਾਖ਼ਰਤਾ ਪੱਖੋਂ ਮਾਨਸਾ ਤੋਂ ਬਾਅਦ ਸਭ ਤੋਂ ਹੇਠਾ ਆਉਂਦਾ ਹੈ। ਜਿਲੇ ਦੀ ਕੁੱਲ ਅਬਾਦੀ 9 ਲੱਖ਼ 27 ਹਜ਼ਾਰ 2 ਵਿੱਚੋਂ 33.2 ਪ੍ਰਤੀਸ਼ਤ ਭਾਵ 2 ਲੱਖ 99 ਹਜ਼ਾਰ 697 ਲੋਕਾਂ ਲਈ ਕਾਲਾ ਅੱਖ਼ਰ ਮੱਝ ਬਰਾਬਰ ਹੀ ਹੈ। ਵਿਦਿਆ ਪੱਖੋਂ ਮਾਰੂ ਰੁਝਾਨ ਵਿੱਚ ਤੀਜੇ ਨੰਬਰ 'ਤੇ ਜਿਲਾ ਫ਼ਿਰੋਜ਼ਪੁਰ ਦਾ ਥਾਂ ਹੈ, ਜਿਸ ਦੇ ਕੁਝ ਸਮਾਂ ਪਹਿਲਾ ਹੀ ਅਲੱਗ ਹੋਏ ਫਾਜ਼ਿਲਕਾ ਜਿਲੇ ਦੇ ਜਲਾਲਬਾਦ ਤੋਂ ਉੱਪ-ਮੁੱਖ਼ ਮੰਤਰੀ ਸੁਖਬੀਰ ਸਿੰਘ ਬਾਦਲ ਚੋਣ ਜਿੱਤਦੇ ਆ ਰਹੇ ਹਨ। ਜਿਲਾ ਫ਼ਿਰੋਜ਼ਪੁਰ ਦੀ ਕੁੱਲ ਅਬਾਦੀ 20 ਲੱਖ਼ 26 ਹਜ਼ਾਰ 831 ਵਿੱਚੋਂ 32.2 ਪ੍ਰਤੀਸ਼ਤ ਭਾਵ 6 ਲੱਖ਼ 12 ਹਜ਼ਾਰ 103 ਲੋਕ ਅੱਖ਼ਰ ਗਿਆਨ ਤੋਂ ਬਾਝੀ ਹੈ। ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਦੇ ਹਲਕਾ ਤੇ ਮੁੱਖ਼ ਮੰਤਰੀ ਦੇ ਗੁਆਂਢੀ ਜਿਲਾ ਬਠਿੰਡਾ ਦਾ ਗ੍ਰਾਫ਼ ਅਜੇ ਵੀ ਸਾਖ਼ਰਤਾ ਪੱਖੋਂ ਹੇਠਾ ਹੀ ਹੈ। ਬਠਿੰਡਾ ਜਿਲੇ ਦੇ ਕੁੱਲ 13 ਲੱਖ਼ 88 ਹਜ਼ਾਰ 859 ਵਿੱਚੋਂ 4 ਲੱਖ਼ 22 ਹਜ਼ਾਰ 213 ਲੋਕਾਂ ਨੂੰ ਸ਼ਬਦ ਜਾਣਕਾਰੀ ਨਹੀਂ ਜੋ ਕਿ ਅਨਪੜਤਾ ਦਾ 30.4 ਪ੍ਰਤੀਸ਼ਤ ਬਣਦੇ ਹਨ।
ਸੂਬੇ ਦੀਆਂ ਔਰਤਾਂ ਦੇ ਅੱਖ਼ਰ ਗਿਆਨ ਦੀ ਗੱਲ ਕੀਤੀ ਜਾਵੇ ਤਾਂ ਇਸ ਪੱਖੋ ਵੀ ਮਾਨਸਾ, ਮੁਕਤਸਰ, ਸੰਗਰੂਰ, ਬਰਨਾਲ, ਫਿਰੋਜ਼ਪੁਰ ਦੀਆਂ ਨਾਰੀਆਂ ਅਨਪੜਤਾ ਦੀ ਕਤਾਰ ਵਿੱਚ ਵਾਧਾ ਕਰ ਰਹੀਆਂ ਹਨ। ਨੰਨੀ ਛਾਂ ਦੇ ਇਲਾਕੇ ਮਾਨਸਾ ਜਿਲੇ ਦੀਆਂ ਸਭ ਤੋਂ ਵੱਧ 3 ਲੱਖ਼ 59 ਹਜ਼ਾਰ 887 ਔਰਤਾਂ ਵਿੱਚੋਂ ਇੱਕ ਲੱਖ਼ 56 ਹਜ਼ਾਰ 910 ਅਬਲਾ ਨੇ ਸਕੂਲ ਦਾ ਮੂੰਹ ਨਹੀਂ ਵੇਖਿਆ ਜੋ ਕਿ ਕੁੱਲ 43.6 ਪ੍ਰਤੀਸ਼ਤ ਬਣਦਾ ਹੈ। ਔਰਤਾਂ ਦੇ ਕਾਲਾ ਅੱਖ਼ਰ ਮੱਝ ਬਰਾਬਰ ਪੱਖੋਂ ਸੂਬੇ ਦੇ ਇਤਿਹਾਸਕ ਤੇ ਵੀ. ਆਈ. ਪੀ. ਜਿਲਾ ਮੁਕਤਸਰ ਵੀ ਪਛੜੇਪਣ ਦਾ ਸ਼ਿਕਾਰ ਹੈ। ਇਸ ਜਿਲੇ ਦੀਆਂ 4 ਲੱਖ਼ 26 ਹਜ਼ਾਰ 402 ਜਨਾਨੀਆਂ ਵਿੱਚੋਂ 40 ਪ੍ਰਤੀਸ਼ਤ 2 ਲੱਖ਼ 99 ਹਜ਼ਾਰ 697 ਅੰਗੂਠਾ ਛਾਪ ਹਨ। ਸਰਹੱਦੀ ਜਿਲਾ ਫ਼ਿਰੋਜ਼ਪੁਰ ਦੀਆਂ ਤੀਜਾ ਹਿੱਸਾ ਔਰਤਾਂ ਭਾਵ 9 ਲੱਖ਼ 56 ਹਜ਼ਾਰ 19 ਵਿੱਚੋਂ 6 ਲੱਖ਼ 12 ਹਜ਼ਾਰ ਇੱਕ ਸੌ ਤਿੰਨ ਔਰਤਾਂ ਦੇ ਹਿੱਸੇ ਅੱਖ਼ਰ ਗਿਆਨ ਕਰਮ ਨਹੀਂ ਹੈ ਇਸ ਤਰਾਂ ਹੀ ਸੰਗਰੂਰ ਤੇ ਬਰਨਾਲਾ ਦਾ ਨੰਬਰ ਆਉਂਦਾ ਹੈ।
ਅਨਪੜਤਾ ਪੱਖੋਂ ਇਸ ਮਿਹਨਤ ਸੂਬੇ ਦੇ ਜਿਲਿਆਂ ਵਿੱਚ ਸੰਗਰੂਰ ਜਿਸ ਦੀ ਤੀਜਾ ਹਿੱਸਾ ਤੋਂ ਜਿਆਦਾ ਅਬਾਦੀ 2 ਲੱਖ਼ 41 ਹਜ਼ਾਰ 2 ਸੌ 67, ਬਰਨਾਲਾ ਦੀ ਕੁੱਲ ਅਬਾਦੀ 5 ਲੱਖ਼ 96 ਹਜ਼ਾਰ 2 ਸੌ 94 ਵਿੱਚੋਂ ਇੱਕ ਲੱਖ਼ 86 ਹਜ਼ਾਰ 5 ਸੌ 96, ਸਿੱਖਿਆ ਮੰਤਰੀ ਦੇ ਹਲਕੇ ਵਿੱਚ ਪੈਂਦੇ ਬਠਿੰਡਾ ਦੀ 13 ਲੱਖ਼ 88 ਹਜ਼ਾਰ 859 ਵਿੱਚੋਂ 4 ਲੱਖ਼ 22 ਹਜ਼ਾਰ 213, ਮੋਗਾ ਜਿਲੇ ਦੀ 9 ਲੱਖ 92 ਹਜ਼ਾਰ 289 ਵਿੱਚੋਂ 28. 4 ਪ੍ਰਤੀਸ਼ਤ ਭਾਵ 2 ਲੱਖ਼ 81 ਹਜ਼ਾਰ 810, ਫਰੀਦਕੋਟ ਜਿਲੇ ਦੀ 6 ਲੱਖ 18 ਹਜ਼ਾਰ 8 ਵਿੱਚੋਂ 24 ਪ੍ਰਤੀਸ਼ਤ ਤੋਂ ਜਿਆਦਾ ਭਾਵ ਇੱਕ ਲੱਖ 48 ਹਜ਼ਾਰ 940, ਸਾਬਕਾ ਮੁੱਖ਼ ਮੰਤਰੀ ਤੇ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ਜਿਲੇ ਦੀ 18 ਲੱਖ 92 ਹਜ਼ਾਰ 282 ਵਿੱਚੋਂ 4 ਲੱਖ 48 ਹਜ਼ਾਰ 470 ਜੋ ਅਬਾਦੀ ਦਾ 23.7 ਪ੍ਰਤੀਸ਼ਤ ਹੈ, ਗੁਰੂ ਕੀ ਨਗਰੀ ਵਜੋਂ ਜਾਣੇ ਜਾਂਦੇ ਅਮ੍ਰਿਤਸਰ ਦੀ 24 ਲੱਖ 90 ਹਜ਼ਾਰ 891 ਵਿੱਚੋਂ 22.8 ਪ੍ਰਤੀਸ਼ਤ ਭਾਵ 5 ਲੱਖ਼ 67 ਹਜ਼ਾਰ 923 ਅਨਪੜ, ਤਰਨਤਾਰਨ ਦੀ 11 ਲੱਖ 20 ਹਜ਼ਾਰ 70 ਵਿੱਚੋਂ 2 ਲੱਖ਼ 75 ਹਜ਼ਾਰ 537, ਰੂਪਨਗਰ ਦੀ 6 ਲੱਖ਼ 83 ਹਜ਼ਾਰ 349 ਵਿੱਚੋਂ 1 ਲੱਖ਼ 14 ਹਜ਼ਾਰ 119, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ 9 ਲੱਖ਼ 86 ਹਜ਼ਾਰ 147 ਵਿੱਚੋਂ 1 ਲੱਖ਼ 48 ਹਜ਼ਾਰ 908, ਸੰਗਰੂਰ ਦੀ 16 ਲੱਖ਼ 54 ਹਜ਼ਾਰ 408 ਵਿੱਚੋਂ 2 ਲੱਖ਼ 41 ਹਜ਼ਾਰ 267 ਅਤੇ ਬਰਨਾਲਾ ਜਿਲੇ ਦੀ 5 ਲੱਖ 96 ਹਜ਼ਾਰ 294 ਵਿੱਚੋਂ 1 ਲੱਖ਼ 86 ਹਜ਼ਾਰ 596 ਲੋਕ ਅਨਪੜ ਹਨ।
 
Top