ਸਿਆਸਤ ’ਚੋਂ ਕਿੱਧਰ ਗਈ ਨੈਤਿਕਤਾ ?

ਸਿਆਸਤ ’ਚੋਂ ਕਿੱਧਰ ਗਈ ਨੈਤਿਕਤਾ ?












http://static.punjabitribuneonline.com/wp-content/uploads/2017/03/12602cd-_takdi.jpgਮੈਨੂੰ ਬਚਪਨ ਤੋਂ ਹੀ ਰਾਜਨੀਤਕ ਮਾਮਲਿਆਂ ਅਤੇ ਵੱਖੋ-ਵੱਖਰੀਆਂ ਪਾਰਟੀਆਂ ਦੀਆਂ ਵਿਚਾਰਧਾਰਾਵਾਂ ਬਾਰੇ ਜਾਣਕਾਰੀ ਰੱਖਣ ਦਾ ਸ਼ੌਕ ਸੀ। ਮੇਰੀ ਇਸ ਦਿਲਚਸਪੀ ਵਿੱਚ ਉਸ ਸਮੇਂ ਵਾਧਾ ਹੋਇਆ ਜਦੋਂ ਮੇਰੇ ਮਾਮਾ ਜੀ ਸਾਡੇ ਕੋਲ ਰਹਿਣ ਆਏ। ਉਹ ਵੀ ਰਾਜਨੀਤਿਕ ਮਾਮਲਿਆਂ ਵਿੱਚ ਬਹੁਤ ਦਿਲਚਸਪੀ ਲੈਂਦੇ ਸਨ।
ਉਨ੍ਹਾਂ ਨਾਲ ਰਹਿਣ ਕਰਕੇ ਮੇਰਾ ਝੁਕਾਅ ਇਸ ਪਾਸੇ ਹੋਰ ਵਧ ਗਿਆ। ਅਸੀਂ ਹਰ ਪਾਰਟੀ ਤੇ ਹਰ ਰਾਜਨੀਤਿਕ ਮੁੱਦੇ ’ਤੇ ਵਿਚਾਰ ਚਰਚਾ ਕਰਦੇ ਰਹਿੰਦੇ ਤੇ ਸਿਆਸੀ ਆਗੂਆਂ ਦੀ ਬਹਿਸ ਸੁਣਦੇ। ਹਰ ਵਿਧਾਇਕ ਆਪਣੇ ਆਪ ਨੂੰ ਵਿਕਾਸ ਦਾ ਦੇਵਤਾ ਕਹਿੰਦਾ ਪਰ ਜੋ ਵੀ ਬਹਿਸ ਹੁੰਦੀ, ਉਸ ਤੋਂ ਕੁਝ ਨਾ ਕੁਝ ਸਿੱਖਣ ਦਾ ਮੌਕਾ ਮਿਲਦਾ।
ਪਹਿਲਾਂ ਰਾਜਨੀਤਿਕ ਬਹਿਸ ਵਿੱਚ ਵੀ ਸਮਾਜਿਕ ਮੁੱਦੇ ਹੋਇਆ ਕਰਦੇ ਸਨ ਪਰ ਅੱਜ ਦੇ ਸਮੇਂ ਵਿੱਚ ਰਾਜਨੀਤੀ ਵੱਖਰਾ ਹੀ ਰੁਖ਼ ਅਖ਼ਤਿਆਰ ਕਰਦੀ ਜਾ ਰਹੀ ਹੈ। ਸੋਸ਼ਲ ਮੀਡੀਆ ਦੇ ਆਉਣ ਨਾਲ ਜਿੱਥੇ ਆਮ ਆਦਮੀ ਤੱਕ ਸਾਰੇ ਗੁੱਝੇ ਭੇਤ ਆਸਾਨੀ ਨਾਲ ਪਹੁੰਚ ਰਹੇ ਹਨ, ਉਥੇ ਹੀ ਲੋਕਾਂ ਦੀ ਜਾਗਰੂਕਤਾ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਉਧਰ, ਹਰ ਸਿਆਸੀ ਪਾਰਟੀ ਸੋਸ਼ਲ ਮੀਡੀਆ ਨੂੰ ਹਥਿਆਰ ਵਾਂਗ ਵਰਤ ਰਹੀ ਹੈ, ਜਿਸ ਦੌਰਾਨ ਨੈਤਿਕਤਾ ਦੀਆਂ ਸੀਮਾਵਾਂ ਦਾ ਬਿਲਕੁਲ ਖਿਆਲ ਨਹੀਂ ਰੱਖਿਆ ਜਾਂਦਾ। ਚੋਣਾਂ ਕਾਰਨ ਪਿਛਲੇ ਕੁਝ ਮਹੀਨਿਆਂ ਵਿੱਚ ਕਈ ਸਿਆਸੀ ਆਗੂਆਂ ਦੀਆਂ ਇਤਰਾਜ਼ਯੋਗ ਵੀਡੀਓ ਕਲਿਪਸ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਹਨ।
ਬਹੁਤੇ ਆਗੂਆਂ ਨੇ ਅਜਿਹੀਆਂ ਵੀਡੀਓਜ਼ ਨੂੰ ਨਕਲੀ ਤੇ ਝੂਠਾ ਦੱਸ ਕੇ ਮਾਮਲੇ ਤੋਂ ਭਾਵੇਂ ਪੱਲਾ ਝਾੜ ਲਿਆ ਹੈ ਪਰ ਸੋਚਣ ਵਾਲੀ ਗੱਲ ਹੈ ਕਿ ਕੀ ਇਹ ਮੁੱਦੇ ਰਾਜਨੀਤੀ ਦਾ ਹਿੱਸਾ ਹਨ ਜਾਂ ਪਹਿਲਾਂ ਕਦੇ ਇਹ ਮਾਮਲੇ ਰਾਜਨੀਤੀ ਦਾ ਹਿੱਸਾ ਰਹੇ ਹਨ? ਇਨ੍ਹਾਂ ਮਾਮਲਿਆਂ ਵਿੱਚ ਉਲਝਣ ਜਾਂ ਉਲਝਾਉਣ ਦੇ ਚੱਕਰ ਵਿੱਚ ਅਸੀਂ ਸੂਬੇ ਦੀ ਭਲਾਈ ਨਾਲ ਜੁੜੇ ਹੋਰ ਮਹੱਤਵਪੂਰਨ ਮਸਲਿਆਂ ਨੂੰ ਅਣਗੌਲਿਆਂ ਤਾਂ ਨਹੀਂ ਕਰ ਰਹੇ ? ਜਨਤਾ ਨੂੰ ਇੰਤਜ਼ਾਰ ਹੈ ਕਿ ਕਦੋਂ ਸਿਆਸੀ ਆਗੂ ਸਿਰਫ਼ ਸੂਬੇ ਦੀ ਭਲਾਈ ਅਤੇ ਸਮਾਜਿਕ ਮੁੱਦਿਆਂ ’ਤੇ ਚਾਨਣਾ ਪਾਉਂਦੀ ਸਾਫ-ਸੁੱਥਰੀ ਰਾਜਨੀਤੀ ਨਾਲ ਜੁੜਨਗੇ।
 
Top