Lyrics ਮਘਦਾ ਰਹੀਂ ਵੇ ਸੂਰਜਾ...

sss_rc

Member
ਮਾਂ-ਧਰਤੀਏ,
ਤੇਰੀ ਗੋਦ ਨੂੰ ਚੰਨ ਹੋਰ ਬਥੇਰੇ..
ਤੂੰ ਮਘਦਾ ਰਹੀਂ ਵੇ ਸੂਰਜਾ,
ਕੰਮੀਆਂ ਦੇ ਵਿਹੜੇ..||

ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ,
ਜਿੱਥੇ ਮਿਲਣ ਅੰਗੂਠੇ ਸੰਘੀਆਂ ਨੂੰ,
ਜਿੱਥੇ ਵਾਲ ਤਰਸਦੇ ਕੰਘੀਆਂ ਨੂੰ,
ਨੱਕ ਵਗਦੇ,ਅੱਖਾਂ-ਚੁੰਨ੍ਹੀਆਂ ਤੇ ਦੰਦ ਕਰੇੜ੍ਹੇ..
ਤੂੰ ਮਘਦਾ ਰਹੀਂ ਵੇ ਸੂਰਜਾ,
ਕੰਮੀਆਂ ਦੇ ਵਿਹੜੇ..||

ਜਿੱਥੇ ਬੰਦਾ ਜੰਮਦਾ ਸੀਰੀ ਹੈ,
ਟਕੀਆਂ ਦੀ ਮੀਰੀ-ਪੀਰੀ ਹੈ,
ਜਿੱਥੇ ਕਰਜੇ ਹੇਠ ਪੰਜੀਰੀ ਹੈ,
ਬਾਪੂ ਦੇ ਕਰਜ ਦਾ ਸੂਦ ਨੇਂ ਪੁੱਤ ਜੰਮਦੇ ਜਿਹੜੇ..
ਤੂੰ ਮਘਦਾ ਰਹੀਂ ਵੇ ਸੂਰਜਾ,
ਕੰਮੀਆਂ ਦੇ ਵਿਹੜੇ..||

ਜਿੱਥੇ ਹਾਰ ਮੰਨ ਲਈ ਚਾਵਾਂ ਨੇਂ,
ਜਿੱਥੇ ਕੂੰਜ ਘੇਰ ਲਈ ਕਾਵਾਂ ਨੇਂ,
ਜਿੱਥੇ ਅਣਵਿਆਹੀਆਂ ਹੀ ਮਾਂਵਾਂ ਨੇਂ,
ਜਿੱਥੇ ਧੀਆਂ ਹੌਂਕੇ ਲੈਂਦੀਆਂ ਅਸਮਾਨ ਜਡੇਰੇ..
ਤੂੰ ਮਘਦਾ ਰਹੀਂ ਵੇ ਸੂਰਜਾ,
ਕੰਮੀਆਂ ਦੇ ਵਿਹੜੇ..||

ਜਿੱਥੇ ਲੋਕ ਬੜੇ ਮਜ਼ਬੂਰ ਜਿਹੇ,
ਦਿੱਲੀ ਦੇ ਦਿਲ ਤੋਂ ਦੂਰ ਜਿਹੇ,
ਤੇ ਭੁੱਖਾਂ ਵਿੱਚ ਮਸ਼ਹੂਰ ਜਿਹੇ,
ਜਿੱਥੇ ਮਰਕੇ ਚਾਂਭਲ ਜਾਂਦੇ ਹਨ ਭੂਤ-ਜਠੇਰੇ..
ਤੂੰ ਮਘਦਾ ਰਹੀਂ ਵੇ ਸੂਰਜਾ,
ਕੰਮੀਆਂ ਦੇ ਵਿਹੜੇ..||

ਜੇ ਸੋਕਾ ਇਹ ਹੀ ਸੜਦੇ ਨੇਂ,
ਜੇ ਡੋਬਾ ਇਹ ਹੀ ਮਰਦੇ ਨੇਂ,
ਸਭ ਕਹਿਰ ਇਨ੍ਹਾਂ ਸਿਰ ਵਰ੍ਹਦੇ ਨੇਂ,
ਜਿੱਥੇ ਫ਼ਸਲਾਂ ਨੇਂ ਛੱਡ ਜਾਂਦੀਆਂ ਅਰਮਾਨ ਤ੍ਰੇੜੇ..
ਤੂੰ ਮਘਦਾ ਰਹੀਂ ਵੇ ਸੂਰਜਾ,
ਕੰਮੀਆਂ ਦੇ ਵਿਹੜੇ..||

ਤੂੰ ਆਪਣਾ ਆਪ ਮਚਾਂਦਾ ਹੈਂ,
ਪਰ ਆਪਾ ਹੀ ਰੁਸ਼ਨਾਂਦਾ ਹੈਂ,
ਕਿਉਂ ਕੰਮੀਆਂ ਤੋਂ ਸ਼ਰਮਾਂਦਾ ਹੈਂ,
ਇਹ ਸਦਾ-ਸਦਾ ਨਾਂ ਰਹਿਣਗੇ ਮੰਦਹਾਲ ਮਰੇੜੇ..
ਤੂੰ ਮਘਦਾ ਰਹੀਂ ਵੇ ਸੂਰਜਾ,
ਕੰਮੀਆਂ ਦੇ ਵਿਹੜੇ..||
 
Top